ਸ਼ੇਖ ਹਸੀਨਾ ਵਿਰੁੱਧ ਕੇਸਾਂ ਦੀ ਝੜੀ

ਬੰਗਲਾਦੇਸ਼ ਦੀ ਬੇਦਖ਼ਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖ਼ਿਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ, ਬੀਤੀ ਪੰਜ ਅਗਸਤ ਨੂੰ ਢਾਕਾ ਦੇ ਕਫਰੂਲ ਖੇਤਰ ’ਚ ਹੋਏ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ੀ ਫ਼ੌਜ ਦੇ ਖ਼ਿਲਾਫ਼ ਹੋਣ ’ਤੇ 76 ਸਾਲਾ ਹਸੀਨਾ ਨੂੰ ਆਮ ਚੋਣਾਂ ਜਿੱਤਣ ਦੇ ਕੁਝ ਹੀ ਦਿਨਾਂ ਬਾਅਦ ਸੱਤਾ ਹੀ ਨਹੀਂ, ਬਲਕਿ ਆਪਣੀ ਜਾਨ ਬਚਾ ਕੇ ਆਪਣੇ ਬੰਗਲਾਦੇਸ਼ ਨੂੰ ਵੀ ਛੱਡ ਕੇ ਭਾਰਤ ਦੀ ਸ਼ਰਨ ’ਚ ਆਉਣਾ ਪਿਆ ਸੀ। ਪੰਜ ਅਗਸਤ ਤੋਂ ਬਾਅਦ ਤੋਂ ਹੁਣ ਤੱਕ ਸ਼ੇਖ ਹਸੀਨਾ ਦੇ ਖ਼ਿਲਾਫ਼ ਹੱਤਿਆ ਦੇ 173 ਮਾਮਲਿਆਂ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ।

11 ਮਾਮਲੇ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਤੇ ਕਤਲੇਆਮ ਦੇ, ਤਿੰਨ ਮਾਮਲੇ ਅਗ਼ਵਾ ਦੇ, ਛੇ ਹੱਤਿਆ ਦੀ ਕੋਸ਼ਿਸ਼ ਦੇ ਤੇ ਇਕ ਬੀਐੱਨਪੀ ਦੇ ਜਲੂਸ ’ਤੇ ਹਮਲੇ ਦਾ ਹੈ। ਢਾਕਾ ਦੇ ਮੈਜਿਸਟ੍ਰੇਟ ਮੁ. ਸੈਫੁਲ ਇਸਲਾਮ ਦੀ ਅਦਾਲਤ ਨੇ ਪੀੜਤ ਦੀ ਪਤਨੀ ਦੀ ਸ਼ਿਕਾਇਤ ’ਤੇ ਹਸੀਨਾ ਤੇ ਹੋਰਨਾਂ ਖ਼ਿਲਾਫ਼ ਕੇਸ ਦੀ ਸੁਣਵਾਈ ਕੀਤੀ। ਸੁਣਵਾਈ ਤੋਂ ਬਾਅਦ ਮੈਜਿਸਟ੍ਰੇਟ ਨੇ ਪੀਬੀਆਈ ਨੂੰ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਸਦੇ ਪਤੀ ਮੁ. ਫਜ਼ਲੂ ਨੂੰ ਪੰਜ ਅਗਸਤ ਦੀ ਸਵੇਰ ਮੀਰਪੁਰ ’ਚ ਪੁਲਿਸ ਲਾਈਨ ਸਾਹਮਣੇ ਗੋਲੀ ਮਾਰ ਦਿੱਤੀ ਗਈ। ਉਸ ਨੂੰ ਮੈਡੀਕਲ ਕਾਲਜ ਦੇ ਹਸਪਤਾਲ ਲਿਜਾਣ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਬੀਤੇ ਐਤਵਾਰ ਨੂੰ ਵੀ ਸ਼ੇਖ ਹਸੀਨਾ ਦੇ ਖ਼ਿਲਾਫ਼ ਮਦਰਸਿਆਂ ਦੇ ਤਿੰਨ ਲੜਕਿਆਂ ਦੀ ਹੱਤਿਆ ਦੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।