ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਾਬਜ਼ ਹੋਣ ਤੋਂ ਦੋ ਦਿਨ ਮਗਰੋਂ ਭਾਰਤ ਅੱਜ ਉਥੇ ਫਸੇ ਭਾਰਤੀ ਰਾਜਦੂਤ ਤੇ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸੁਰੱਖਿਅਤ ਕੱਢ ਲਿਆਇਆ ਹੈ। ਹਵਾਈ ਸੈਨਾ ਦਾ ਜਹਾਜ਼ ਸਵੇਰੇ 11:15 ਵਜੇ ਦੇ ਕਰੀਬ ਗੁਜਰਾਤ ਦੇ ਜਾਮਨਗਰ ਵਿੱਚ ਉਤਰਿਆ ਤੇ ਤੇਲ ਭਰਵਾਉਣ ਮਗਰੋਂ ਸ਼ਾਮ ਤਿੰਨ ਵਜੇ ਉਥੋਂ ਦਿੱਲੀ ਲਈ ਰਵਾਨਾ ਹੋ ਗਿਆ। ਜਹਾਜ਼ ਸ਼ਾਮੀਂ ਪੰਜ ਵਜੇ ਦੇ ਕਰੀਬ ਕੌਮੀ ਰਾਜਧਾਨੀ ਦੇ ਹਿੰਡਨ ਹਵਾਈ ਬੇਸ ’ਤੇ ਉਤਰ ਗਿਆ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਬੁਲ ਸਥਿਤ ਅੰਬੈਸੀ ਸਟਾਫ਼ ਨੂੰ ਵਾਪਸ ਲਿਆਉਣ ਦਾ ਅਮਲ ਪੂਰਾ ਹੋ ਗਿਆ ਹੈ ਤੇ ਹੁਣ ਸਾਰਾ ਧਿਆਨ ਅਫ਼ਗਾਨ ਰਾਜਧਾਨੀ ਵਿੱਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਵੱਲ ਰਹੇਗਾ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਕ ਟਵੀਟ ’ਚ ਕਿਹਾ ਕਿ ਕਾਬੁਲ ਤੋਂ ਭਾਰਤ ਤੱਕ ਦੀ ਆਮਦੋਰਫ਼ਤ ‘ਮੁਸ਼ਕਲ ਤੇ ਗੁੰਝਲਦਾਰ’ ਅਮਲ ਸੀ। ਉਨ੍ਹਾਂ ਇਸ ਪੂਰੇ ਅਮਲ ਨੂੰ ਸਿਰੇ ਚਾੜ੍ਹਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ।
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ ਸਵੇਰੇ 11 ਵਜੇ ਦੇ ਕਰੀਬ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਵਿੱਚ ਅਫ਼ਗ਼ਾਨਿਸਤਾਨ ’ਚ ਭਾਰਤ ਦੇ ਰਾਜਦੂਤ ਰੁਦਰੇਂਦਰ ਟੰਡਨ ਤੇ ਅੰਬੈਸੀ ਦੇ ਅਧਿਕਾਰੀਆਂ ਤੋਂ ਇਲਾਵਾ ਆਈਟੀਬੀਪੀ ਦੇ 99 ਜਵਾਨਾਂ ਸਣੇ 150 ਵਿਅਕਤੀ ਸਵਾਰ ਸਨ। ਜਹਾਜ਼ ਵਿੱਚ ਕੁਝ ਭਾਰਤੀ ਨਾਗਰਿਕਾਂ ਦੇ ਸਵਾਰ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਕਾਬੁਲ ਵਿਚ ਫਸੇ ਭਾਰਤੀਆਂ ਨੂੰ ਉਥੋਂ ਕੱਢਣ ਲਈ ਭੇਜੀ ਇਹ ਦੂਜੀ ਉਡਾਣ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ’ਤੇ ਉਡਾਣਾਂ ਮੁਅੱਤਲ ਕੀਤੇ ਜਾਣ ਤੋਂ ਐਨ ਪਹਿਲਾਂ ਹਵਾਈ ਸੈਨਾ ਦਾ ਇਕ ਹੋਰ ਸੀ-17 ਜਹਾਜ਼ 40 ਦੇ ਕਰੀਬ ਲੋਕਾਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਲਿਆਇਆ ਸੀ। ਇਨ੍ਹਾਂ ਵਿੱਚ ਭਾਰਤੀ ਅੰਬੈਸੀ ਵਿੱਚ ਕੰਮ ਕਰਦਾ ਅਮਲਾ ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ ਹਵਾਈ ਸੈਨਾ ਦੇ ਦੋ ਜਹਾਜ਼ ਇਰਾਨ ਦੇ ਹਵਾਈ ਲਾਂਘੇ ਦੀ ਵਰਤੋਂ ਕਰਦਿਆਂ ਕਾਬੁਲ ਪੁੱਜੇ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀ-17 ਜਹਾਜ਼ ਵਿੱਚ ਸਵਾਰ ਮੁਸਾਫ਼ਰ ਜਿਉਂ ਹੀ ਜਾਮਨਗਰ ਵਿੱਚ ਹੇਠਾਂ ਉਤਰੇ ਤਾਂ ਲੋਕਾਂ ਨੇ ਫੁੱਲ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਲੋਕਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲਾੲੇ। ਰਾਜਦੂਤ ਰੁਦਰੇਂਦਰ ਟੰਡਨ ਨੇ ਜਾਮਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਬੁਲ ਵਿੱਚ ਇਸ ਵੇਲੇ ਹਾਲਾਤ ਕਾਫ਼ੀ ਗੁੰਝਲਦਾਰ ਹਨ ਤੇ ਉਥੇ ਫਸੇ ਬਾਕੀ ਭਾਰਤੀਆਂ ਨੂੰ ਕਮਰਸ਼ਲ ਉਡਾਣਾਂ ਮੁੜ ਸ਼ੁਰੂ ਹੋਣ ਮਗਰੋਂ ਵਾਪਸ ਲਿਆਂਦਾ ਜਾਵੇਗਾ। ਟੰਡਨ ਨੇ ਕਿਹਾ, ‘‘ਘਰ ਸੁਰੱਖਿਅਤ ਪੁੱਜਣ ’ਤੇ ਬਹੁਤ ਖੁ਼ਸ਼ ਹਾਂ। ਸਾਡਾ ਮਿਸ਼ਨ ਕਾਫੀ ਵੱਡਾ ਸੀ। ਮਿਸ਼ਨ ਵਿੱਚ ਅਮਲੇ ਦੇ 192 ਮੈਂਬਰ ਸਨ, ਜਿਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਬੜੇ ਤਰੀਕੇਵਾਰ ਦੋ ਗੇੜਾਂ ਵਿੱਚ ਅਫ਼ਗਾਨਿਸਤਾਨ ’ਚੋਂ ਸੁਰੱਖਿਅਤ ਕੱਢਿਆ ਗਿਆ ਹੈ।’ ਪਿਛਲੇ ਸਾਲ ਅਗਸਤ ਵਿੱਚ ਅਫ਼ਗ਼ਾਨਿਸਤਾਨ ’ਚ ਭਾਰਤੀ ਰਾਜਦੂਤ ਦਾ ਚਾਰਜ ਸੰਭਾਲਣ ਵਾਲੇ ਟੰਡਨ ਨੇ ਕਿਹਾ ਕਿ ਅੰਬੈਸੀ ਨੇ ਕਾਬੁਲ ਵਿੱਚ ਤੇਜ਼ੀ ਨਾਲ ਬਦਲਦੇ ਹਾਲਾਤ ਦੌਰਾਨ ਕਈ ਭਾਰਤੀਆਂ ਦੀ ਮਦਦ ਕਰਨ ਦੇ ਨਾਲ ਉਨ੍ਹਾਂ ਨੂੰ ਪਨਾਹ ਵੀ ਦਿੱਤੀ। ਉਨ੍ਹਾਂ ਕਿਹਾ, ‘‘ਅਸੀਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ, ਕਿਉਂਕਿ ਅਜੇ ਵੀ ਕੁਝ ਭਾਰਤੀ ਉਥੇ ਮੌਜੂਦ ਹਨ। ਇਹੀ ਵਜ੍ਹਾ ਹੈ ਕਿ ਏਅਰ ਇੰਡੀਆ ਵੱਲੋਂ ਕਾਬੁਲ ਨੂੰ ਆਪਣੀਆਂ ਕਮਰਸ਼ਲ ਉਡਾਣਾਂ ਜਾਰੀ ਰੱਖੀਆਂ ਜਾਣਗੀਆਂ।’’