ਆਰਟ ਐਂਡ ਕਰਾਫ਼ਟ: ਬੇਰੁਜ਼ਗਾਰ ਅਧਿਆਪਕਾਂ ਨੇ ਕਲਾ ਰਾਹੀਂ ਪਾਈ ਸੰਘਰਸ਼ ਦੀ ਬਾਤ

ਆਰਟ ਐਂਡ ਕਰਾਫ਼ਟ: ਬੇਰੁਜ਼ਗਾਰ ਅਧਿਆਪਕਾਂ ਨੇ ਕਲਾ ਰਾਹੀਂ ਪਾਈ ਸੰਘਰਸ਼ ਦੀ ਬਾਤ

ਸੰਗਰੂਰ-ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਪੀਐਸ ਟੈਟ ਪਾਸ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿਚ ਕਲਾ ਪ੍ਰਦਰਸ਼ਨੀ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕਾਂ ਵਲੋਂ ਫੁਹਾਰਾ ਚੌਕ ਵਿਚ ਮੇਜ਼ ਲਾ ਕੇ ਆਪਣੀਆਂ ਕਲਾਵਾਂ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਆਰਟ ਐਂਡ ਕਰਾਫ਼ਟ ਅਧਿਆਪਕ ਭਰਤੀ ਉਪਰ ਥੋਪੀ ਗਈ ਵਾਧੂ ਯੋਗਤਾ ਹਟਾ ਕੇ ਪਿਛਲੀ ਭਰਤੀ ਅਨੁਸਾਰ ਨਿਯੁਕਤੀ ਕਰਨ ਦੀ ਮੰਗ ਕਰ ਰਹੇ ਸਨ।

ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਆਪਣੀਆਂ ਕਲਾਵਾਂ ਦੇ ਨਮੂਨੇ ਲੈ ਕੇ ਪਟਿਆਲਾ ਗੇਟ ਸਥਿਤ ਫੁਹਾਰਾ ਚੌਕ ਪੁੱਜੇ ਜਿਥੇ ਆਪਣੀ ਕਲਾ ਦੀ ਪ੍ਰਦਰਸ਼ਨੀ ਲਾਈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਮਾਨਸਾ ਨੇ ਕਿਹਾ ਕਿ ਪ੍ਰਦਰਸ਼ਨੀ ਲਗਾਉਣ ਦਾ ਮੰਤਵ ਇਹ ਹੈ ਕਿ ਪੰਜਾਬ ਸਰਕਾਰ ਅਤੇ ਲੋਕਾਂ ਨੂੰ ਆਰਟ ਐਂਡ ਕਰਾਫ਼ਟ ਵਿਸ਼ੇ ਦੇ ਮਹੱਤਵ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 12 ਸਾਲਾਂ ਤੋਂ ਆਰਟ ਐਂਡ ਕਰਾਫ਼ਟ ਵਿਸ਼ੇ ਦੀ ਕੋਈ ਭਰਤੀ ਨਹੀਂ ਕੀਤੀ ਗਈ। ਪੰਜਾਬ ਸਰਕਾਰ ਨੇ 2018 ਵਿਚ ਆਰਟ ਐਂਡ ਕਰਾਫ਼ਟ ਵਿਸ਼ੇ ਦੇ ਅਧਿਆਪਕਾਂ ਦੀਆਂ 250 ਅਸਾਮੀਆਂ ਕੱਢੀਆਂ ਸਨ ਪਰੰਤੂ ਉਸ ਵਿਚ ਸਰਕਾਰ ਨੇ ਵਾਧੂ ਯੋਗਤਾ ਬੀਏ ਬੀਐੱਡ ਦੀ ਯੋਗਤਾ ਲਗਾ ਦਿੱਤੀ। ਬੇਰੁਜ਼ਗਾਰ ਅਧਿਆਪਕਾਂ ਵਲੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਕੀਤਾ ਹੋਇਆ ਹੈ ਜਿਸ ਅਨੁਸਾਰ ਹੀ ਪਹਿਲਾਂ ਭਰਤੀ ਕੀਤੀ ਜਾਂਦੀ ਸੀ। ਇਸ ਸਬੰਧੀ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਿਵਾਏ ਭਰੋਸੇ ਦੇ ਕੁਝ ਨਾ ਹੋਇਆ। ਉਨ੍ਹਾਂ ਮੰਗ ਕੀਤੀ ਕਿ ਪਿਛਲੀ ਯੋਗਤਾ ਦੇ ਆਧਾਰ ’ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

ਇਹ ਪ੍ਰਦਰਸ਼ਨ ਦੋ ਦਿਨਾਂ ਦਾ ਉਲੀਕਿਆ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਪੰਜਾਬ ਨਾਲ 21 ਅਕਤੂਬਰ ਦੀ ਮੀਟਿੰਗ ਨਿਸਚਿਤ ਕਰਾਉਣ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਆਗੂ ਸਨੀ ਬਰੇਟਾ, ਕਿਰਨਦੀਪ ਕੌਰ, ਮਨਦੀਪ ਸੁਨਾਮ, ਪੀ ਕੇ ਸਿੰਘ, ਕਰਮਜੀਤ ਭਵਾਨੀਗੜ੍ਹ, ਮਦਨ ਕੁਮਾਰ ਅਬੋਹਰ, ਜਤਿੰਦਰ ਲਹਿਰਾ, ਸੰਦੀਪ ਬਠਿੰਡਾ, ਹਰਬੰਸ ਸਿੰਘ ਆਦਿ ਮੌਜੂਦ ਸਨ।

 

Punjab