ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਦਾ ਇੱਕ ਹੋਰ ਉੱਚ ਅਧਿਕਾਰੀ ਹਲਾਕ

ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਦਾ ਇੱਕ ਹੋਰ ਉੱਚ ਅਧਿਕਾਰੀ ਹਲਾਕ

ਯੇਰੂਸ਼ਲਮ-ਇਜ਼ਰਾਇਲੀ ਸੈਨਾ ਨੇ ਅੱਜ ਕਿਹਾ ਕਿ ਉਸ ਨੇ ਹਵਾਈ ਹਮਲੇ ’ਚ ਹਿਜ਼ਬੁੱਲ੍ਹਾ ਦੇ ਇੱਕ ਹੋਰ ਕਮਾਂਡਰ ਨੂੰ ਮਾਰ-ਮੁਕਾਇਆ ਹੈ। ਇਜ਼ਰਾਈਲ ਵੱਲੋਂ ਉੱਤਰ-ਪੂਰਬੀ ਲਿਬਨਾਨ ’ਚ ਕੀਤੇ ਗਏ ਹਵਾਈ ਹਮਲਿਆਂ ’ਚ 11 ਜਣੇ ਮਾਰੇ ਗਏ ਹਨ।

ਇਜ਼ਰਾਇਲੀ ਸੈਨਾ ਨੇ ਕਿਹਾ ਕਿ ਉਸ ਨੇ ਬੀਤੇ ਦਿਨ ਹਵਾਈ ਹਮਲੇ ’ਚ ਹਿਜ਼ਬੁੱਲ੍ਹਾ ਦੀ ਸੈਂਟਰਲ ਕੌਂਸਲ ਦੇ ਉਪ ਮੁਖੀ ਨਬੀਲ ਕੌਕ ਨੂੰ ਮਾਰ ਦਿੱਤਾ ਹੈ। ਹਿਜ਼ਬੁੱਲ੍ਹਾ ਵੱਲੋਂ ਇਸ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲ ਹੀ ਦੇ ਹਫ਼ਤੇ ’ਚ ਇਜ਼ਰਾਈਲ ਦੇ ਹਮਲਿਆਂ ’ਚ ਹਿਜ਼ਬੁੱਲ੍ਹਾ ਦੇ ਕਈ ਸੀਨੀਅਰ ਕਮਾਂਡਰ ਮਾਰੇ ਜਾ ਚੁੱਕੇ ਹਨ। ਲਿਬਨਾਨ ਨੇ ਹਾਲਾਂਕਿ ਆਪਣੇ ਇੱਕ ਹੋਰ ਆਗੂ ਅਲੀ ਕਾਰਕੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਬੈਰੂਤ ’ਚ ਸਮੂਹ ਦੇ ਅਹਿਮ ਆਗੂ ਹਸਨ ਨਸਰੱਲ੍ਹਾ ਵੀ ਮਾਰਿਆ ਗਿਆ ਸੀ ਅਤੇ ਕਾਰਕੀ ਦੀ ਮੌਤ ਵੀ ਇਸੇ ਹਮਲੇ ’ਚ ਹੋਈ ਸੀ। ਲਿਬਨਾਨ ਦੇ ਵੱਖ ਵੱਖ ਹਿੱਸਿਆਂ ’ਚ ਹਜ਼ਾਰਾਂ ਪੇਜਰ ਤੇ ਵਾਕੀ-ਟਾਕੀ ’ਚ ਧਮਾਕੇ ਕਰ ਕੇ ਮੁੱਖ ਤੌਰ ’ਤੇ ਹਿਜ਼ਬੁੱਲ੍ਹਾ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਿਜ਼ਬੁੱਲ੍ਹਾ ਨੇ ਉੱਤਰੀ ਇਜ਼ਰਾਈਲ ’ਚ ਸੈਂਕੜੇ ਰਾਕੇਟ ਤੇ ਮਿਜ਼ਾਈਲਾਂ ਦਾਗਣਾ ਜਾਰੀ ਰੱਖਿਆ ਹੈ ਪਰ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਰੋਕ ਦਿੱਤਾ ਗਿਆ ਜਾਂ ਉਸ ਖੁੱਲ੍ਹੇ ਖੇਤਰ ’ਚ ਡਿੱਗ ਗਈਆਂ। ਕੌਕ 1980 ਦੇ ਦਹਾਕੇ ਤੋਂ ਹੀ ਹਿਜ਼ਬੁੱਲ੍ਹਾ ਦਾ ਸੀਨੀਅਰ ਮੈਂਬਰ ਸੀ ਅਤੇ ਇਸ ਤੋਂ ਪਹਿਲਾਂ ਦੱਖਣੀ ਲਿਬਨਾਨ ’ਚ ਹਿਜ਼ਬੁੱਲ੍ਹਾ ਦੇ ਫੌਜੀ ਕਮਾਂਡਰ ਵਜੋਂ ਕੰਮ ਕਰ ਚੁੱਕਾ ਸੀ। ਅਮਰੀਕਾ ਨੇ 2020 ’ਚ ਉਸ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਇਜ਼ਰਾਇਲੀ ਸੈਨਾ ਨੇ ਕਿਹਾ ਕਿ ਉਸ ਨੇ ਲਿਬਨਾਨ ’ਚ ਹਿਜ਼ਬੁੱਲ੍ਹਾ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉੱਧਰ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਜ਼ਰਾਇਲੀ ਹਮਲਿਆਂ ਕਾਰਨ ਹੁਣ ਤੱਕ ਦੱਖਣੀ ਲਿਬਨਾਨ ’ਚ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,11,000 ਹੋ ਗਈ ਹੈ।

ਕਾਹਿਰਾ: ਬੀਤੇ ਦਿਨ ਇਜ਼ਰਾਇਲੀ ਹਮਲੇ ’ਚ ਮਾਰੇ ਗਏ ਹਿਜ਼ਬੁੱਲ੍ਹਾ ਆਗੂ ਹਸਨ ਨਸਰੱਲ੍ਹਾ ਦੀ ਲਾਸ਼ ਅੱਜ ਬਰਾਮਦ ਹੋ ਗਈ ਹੈ। ਮੈਡੀਕਲ ਤੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਿਜ਼ਬੁੱਲ੍ਹਾ ਆਗੂ ਹਸਨ ਨਸਰੱਲ੍ਹਾ ਦੀ ਲਾਸ਼ ਬੈਰੂਤ ਦੇ ਦੱਖਣੀ ਉਪ ਨਗਰਾਂ ’ਤੇ ਇਜ਼ਰਾਇਲੀ ਹਵਾਈ ਹਮਲਿਆਂ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ। ਬੀਤੇ ਦਿਨ ਨਸਰੱਲ੍ਹਾ ਦੀ ਮੌਤ ਦੀ ਪੁਸ਼ਟੀ ਕਰਨ ਵਾਲੇ ਹਿਜ਼ਬੁੱਲ੍ਹਾ ਨੇ ਬਿਆਨ ’ਚ ਇਹ ਨਹੀਂ ਦੱਸਿਆ ਸੀ ਕਿ ਅਸਲ ’ਚ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਅਤੇ ਨਾ ਹੀ ਉਸ ਦੇ ਅੰਤਿਮ ਸੰਸਕਾਰ ਬਾਰੇ ਜਾਣਕਾਰੀ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਨਸਰੱਲ੍ਹਾ ਦੇ ਸਰੀਰ ’ਤੇ ਕਿਸੇ ਸੱਟ ਦਾ ਨਿਸ਼ਾਨ ਨਹੀਂ ਸੀ।

International