ਜ਼ਿਲ੍ਹਾ ਪੁਲੀਸ ਮੁਹਾਲੀ ਦੇ ਸੀਆਈਏ ਸਟਾਫ਼ ਵਿੰਗ ਵੱਲੋਂ ਦਵਿੰਦਰ ਬੰਬੀਹਾ ਗਰੁੱਪ ਦੇ ਤਿੰਨ ਮੈਂਬਰਾਂ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ਼ ਖੱਟੂ ਅਤੇ ਅਰਸ਼ਦੀਪ ਸਿੰਘ ਅਰਸ਼ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਨੌਂ ਕਾਰਤੂਸ ਤੇ ਅਸਲਾ ਬਰਾਮਦ ਹੋਇਆ ਹੈ। ਇਸ ਸਮੇਂ ਇਹ ਤਿੰਨੋਂ ਸੈਕਟਰ-125 ਈਐੱਮਆਰ ਐਮਜੀਐਫ਼ ਸੈਕਟਰ 105 ਵਿੱਚ ਰਹਿ ਰਹੇ ਸਨ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਅਤੇ ਉਸ ਦੇ ਭਰਾ ਸੌਰਵ ਪਟਿਆਲ ਉਰਫ਼ ਲੱਕੀ, ਜਸਵਿੰਦਰ ਸਿੰਘ ਖੱਟੂ ਤੇ ਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੰਬੀਹਾ ਗਰੁੱਪ ਬਣਾਇਆ ਹੋਇਆ ਹੈ। ਮੁਹਾਲੀ ਦੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਤੇ ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਟੀਮ ਬਣਾਈ ਗਈ। ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਥਾਣਾ ਸਿਟੀ ਖਰੜ ਦੇ ਐੱਸਐੱਚਓ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਬੰਬੀਹਾ ਗਰੁੱਪ ਦੇ ਤਿੰਨ ਸਰਗਰਮ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਹ ਜਾਅਲੀ ਆਈਡੀ ਤੋਂ ਨੰਬਰ ਜੈਨਰੇਟ ਕਰ ਕੇ ਸੋਸ਼ਲ ਮੀਡੀਆ ’ਤੇ ਧਮਕੀਆਂ ਅਤੇ ਕਤਲ ਕਰਨ ਤੋਂ ਬਾਅਦ ਜ਼ਿੰਮੇਵਾਰੀਆਂ ਚੁੱਕਦੇ ਸਨ ਅਤੇ ਆਪਣੇ ਵਿਰੋਧੀ ਗਰੁੱਪ ਦੇ ਮੈਂਬਰਾਂ ਨੂੰ ਮਾਰ ਕੇ ਆਮ ਲੋਕਾਂ ’ਤੇ ਪ੍ਰਭਾਵ ਪਾ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮ ਉਦਯੋਗਪਤੀਆਂ ਅਤੇ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਵਸੂਲਦੇ ਸਨ ਅਤੇ ਇਹ ਪੈਸਾ ਦੋ ਸੰਗੀਤ ਕੰਪਨੀਆਂ- ਠੱਗ ਲਾਈਫ਼ ਅਤੇ ਗੋਲਡ ਮੀਡੀਆ ਵਿੱਚ ਲਾਉਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮਨਦੀਪ ਸਿੰਘ ਦੀ ਮੁਲਾਕਾਤ ਗੌਰਵ ਪਟਿਆਲ ਨਾਲ ਹੋਈ ਸੀ। ਗਾਇਕ ਪਰਮੀਸ਼ ਵਰਮਾ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ, ਲੱਕੀ ਪਟਿਆਲ, ਸੁਖਪ੍ਰੀਤ ਸਿੰਘ ਬੁੱਢਾ ਨੇ ਧਮਕੀ ਦੇਣ ਦੇ ਬਾਵਜੂਦ ਪੈਸੇ ਨਾ ਦੇਣ ਕਾਰਨ ਫਾਇਰਿੰਗ ਕੀਤੀ ਸੀ। ਬਾਅਦ ਵਿੱਚ ਮਨਦੀਪ ਸਿੰਘ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਸੀ। ਉਹ ਗੈਂਗਸਟਰਾਂ ਦੀ ਠੱਗ ਲਾਈਫ਼ ਕੰਪਨੀ ਲਈ ਕੰਮ ਕਰਦਾ ਸੀ। ਲੱਕੀ ਪਟਿਆਲ ਬੰਬੀਹਾ ਗਰੁੱਪ ਨੂੰ ਪ੍ਰਮੋਟ ਕਰਦਾ ਸੀ। ਜਸਵਿੰਦਰ ਸਿੰਘ ਉਰਫ਼ ਖੱਟੂ ਦੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਪਹਿਲਾਂ ਵੀ ਮੁਹਾਲੀ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਹਾਈ ਕੋਰਟ ਦੇ ਵਕੀਲ ਅਰਸ਼ਦੀਪ ਸਿੰਘ ਸੇਠੀ ਦਾ ਕਤਲ ਕਰ ਦਿੱਤਾ ਸੀ। ਖੱਟੂ ਹੁਣ ਲੱਕੀ ਪਟਿਆਲ ਨਾਲ ਬੰਬੀਹਾ ਗਰੁੱਪ ਦੀ ਮਦਦ ਕਰ ਰਿਹਾ ਸੀ। ਬੰਬੀਹਾ ਗਰੁੱਪ ਵੱਲੋਂ ਜਦੋਂ ਗਾਇਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗੀ ਗਈ ਸੀ ਤਾਂ ਉਸ ਸਮੇਂ ਅਰਸ਼ਦੀਪ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਮਿਲਿਆ ਸੀ। ਸੁਖਪ੍ਰੀਤ ਬੁੱਢਾ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੋਂ 25 ਲੱਖ ਦੀ ਫਿਰੌਤੀ ਮੰਗਣ ਵਾਲੇ ਕੇਸ ਵਿੱਚ ਸ਼ਾਮਲ ਸੀ।
ਦਪਿੰਦਰ ਮਾਮਲੇ ’ਚ ਨਾਮਜ਼ਦ
ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਊਜ਼ੀਕਲ ਕੰਪਨੀ ਠੱਗ ਲਾਈਫ਼ ਨੂੰ ਦਪਿੰਦਰ ਸਿੰਘ ਚੀਮਾ ਉਰਫ਼ ਦੀਪ ਚੀਮਾ ਵਾਸੀ (ਲੁਧਿਆਣਾ) ਹਾਲ ਵਾਸੀ ਟੋਰਾਂਟੋ (ਕੈਨੇਡਾ) ਤੋਂ ਚਲਾ ਰਿਹਾ ਹੈ। ਦਪਿੰਦਰ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਖਰੜ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।