ਝਾਰਖੰਡ ’ਚ ਘਟ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਅਬਾਦੀ: ਮੋਦੀ

ਝਾਰਖੰਡ ’ਚ ਘਟ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਅਬਾਦੀ: ਮੋਦੀ

ਹਜ਼ਾਰੀਬਾਗ (ਝਾਰਖੰਡ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਝਾਰਖੰਡ ਵਿੱਚ ਹਿੰਦੂਆਂ ਅਤੇ ਆਦਿਵਾਸੀਆਂ ਦੀ ਅਬਾਦੀ ਘਟ ਰਹੀ ਹੈ। ਇਸ ਦੌਰਾਨ ਉਨ੍ਹਾਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਤੇ ਸੂਬੇ ਦੀ ਪਛਾਣ, ਸੱਭਿਆਚਾਰ ਅਤੇ ਵਿਰਾਸਤ ਦੀ ਕੀਮਤ ’ਤੇ ਘੁਸਪੈਠੀਆਂ ਦਾ ਸਮਰਥਨ ਕਰਕੇ ‘ਵੋਟ ਬੈਂਕ ਦੀ ਸਿਆਸਤ’ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹੁਣ, ‘ਮਾਟੀ, ਬੇਟੀ, ਰੋਟੀ ਲਈ ਅਜਿਹੀਆਂ ਤਾਕਤਾਂ ਨੂੰ ਬਾਹਰ ਕੱਢਣ ਦਾ ਸਮਾਂ ਆ ਗਿਆ ਹੈ।’ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨਹੀਂ ਪੱਥਰ ਵੀ ਰੱਖਿਆ।

ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੋਦੀ ਨੇ ਕਿਹਾ, ‘ਝਾਰਖੰਡ ’ਚ ਭ੍ਰਿਸ਼ਟਾਚਾਰ ਰੋਕਣ ਲਈ ‘ਪਰਿਵਰਤਨ’ ਦਾ ਸਮਾਂ ਆ ਗਿਆ ਹੈ। ਜੇਐੱਮਐੱਮ ਦੀ ਅਗਵਾਈ ਵਾਲਾ ਗੱਠਜੋੜ ਘੁਸਪੈਠੀਆਂ ਨੂੰ ਸੁਰੱਖਿਆ ਦਿੰਦਿਆਂ ਲੋਕਾਂ ਦੀ ਪਛਾਣ, ਸਭਿਆਚਾਰ ਅਤੇ ਪਰੰਪਰਾਵਾਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।’ ਜ਼ਿਕਰਕਯੋਗ ਹੈ ਕਿ ਸਾਰੇ 81 ਵਿਧਾਨ ਸਭਾ ਹਲਕਿਆਂ ਤੋਂ ਲੰਘੀ ਪਰਿਵਰਤਨ ਯਾਤਰਾ ਨੇ ਲਗਪਗ 5,400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਮੋਦੀ ਨੇ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਦੌਰਾਨ ਕਈ ਉਮੀਦਵਾਰਾਂ ਦੀ ਮੌਤ ਦਾ ਹਵਾਲਾ ਦਿੰਦਿਆਂ ਗੱਠਜੋੜ ਦੇ ਅਸੰਵੇਦਨਸ਼ੀਲ ਰੁਖ ਦੀ ਨਿਖੇਧੀ ਵੀ ਕੀਤੀ। ਕਰੀਬ 15 ਦਿਨਾਂ ਵਿੱਚ ਇਹ ਮੋਦੀ ਦੀ ਝਾਰਖੰਡ ਵਿੱਚ ਦੂਜੀ ਫੇਰੀ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 83,700 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਸੂਬੇ ਦੀ ਤਰੱਕੀ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਕਬਾਇਲੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਨਜ਼ਰੀਆ ‘ਸਾਡੀ ਸੰਪਤੀ’ ਹੈ। ਇਸ ਦੌਰਾਨ ਮੋਦੀ ਨੇ 79,150 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੇ ਜਾਣ ਵਾਲੇ ‘ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ’ ਦੀ ਸ਼ੁਰੂਆਤ ਕੀਤੀ। ਮੋਦੀ ਨੇ ‘ਪੀਐੱਮ ਜਨਜਾਤੀ ਆਦਿਵਾਸੀ ਨਿਆਏ ਮਹਾ ਅਭਿਆਨ’ ਤਹਿਤ ਵੀ 1,360 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਾਰਖੰਡ ਵਿੱਚ 83,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤੇ ਜਾਣ ਮਗਰੋਂ ਕਾਂਗਰਸ ਨੇ ਉਨ੍ਹਾਂ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ’ਤੇ ਝਾਰਖੰਡ ਨਾਲ ‘ਮਤਰੇਈ ਮਾਂ ਵਾਲਾ ਸਲੂਕ’ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੁੱਛਿਆ ਕਿ ਕੇਂਦਰ ਵੱਲੋਂ ਸੂਬੇ ਦਾ 1.36 ਲੱਖ ਕਰੋੜ ਰੁਪਏ ਦਾ ਬਕਾਇਆ ਹਾਲੇ ਤਕ ਜਾਰੀ ਕਿਉਂ ਜਾਰੀ ਨਹੀਂ ਕੀਤਾ ਗਿਆ। ਜੈਰਾਮ ਰਮੇਸ਼ ਨੇ ਪੁੱਛਿਆ, ‘ਪ੍ਰਧਾਨ ਮੰਤਰੀ ਅੱਜ ਝਾਰਖੰਡ ਵਿੱਚ ਹਨ ਅਤੇ ਉਨ੍ਹਾਂ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਪਹਿਲਾ ਇਹ ਕਿ ਉਹ ਝਾਰਖੰਡ ਲਈ 1.36 ਲੱਖ ਕਰੋੜ ਰੁਪਏ ਕਿਉਂ ਨਹੀਂ ਜਾਰੀ ਕਰ ਰਹੇ।’ ਇਸੇ ਤਰ੍ਹਾਂ ਉਨ੍ਹਾਂ ਝਾਰਖੰਡ ਦੇ 8 ਲੱਖ ਲੋਕਾਂ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਘਰ ਨਾ ਦੇਣ ਦੇ ਵਾਅਦੇ ਅਤੇ 2014 ਵਿੱਚ ਇੰਜਨੀਅਰਿੰਗ ਕਾਲਜ ਬਣਾਉਣ ਦੇ ਕੀਤੇ ਗਏ ਵਾਅਦੇ ਬਾਰੇ ਵੀ ਪੁੱਛਿਆ। 

 

Featured India