ਇੱਥੋਂ ਦੇ ਸੰਤ ਰਾਮ ਸਿੰਘ ਘਾਲਾ ਮਾਲਾ ਚੌਕ ਵਿਚਲੇ ਇੱਕ ਹੋਟਲ ’ਚ ਅੱਜ ਸ਼ਾਮ ਜਨਮ-ਦਿਨ ਦੀ ਪਾਰਟੀ ਦੌਰਾਨ ਕੁਝ ਦੋਸਤਾਂ ਵਿਚਕਾਰ ਹੋਈ ਆਪਸੀ ਤਕਰਾਰ ਦੌਰਾਨ ਗੋਲੀ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਮਨੀ ਸੁਨਿਆਰਾ ਅਤੇ ਬਿਕਰਮ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਦੇ ਏਸੀਪੀ ਸੰਦੀਪ ਮਲਿਕ ਨੇ ਦੱਸਿਆ ਕਿ ਹੋਟਲ ਅਮਲੇ ਮੁਤਾਬਕ ਤਰੁਣਪ੍ਰੀਤ ਸਿੰਘ ਨੇ ਅੱਜ ਇੱਥੇ ਜਨਮ ਦਿਨ ਦੀ ਪਾਰਟੀ ਰੱਖੀ ਹੋਈ ਸੀ, ਜਿਸ ਵਿੱਚ 20 ਤੋਂ 25 ਨੌਜਵਾਨਾਂ ਨੂੰ ਸੱਦਿਆ ਗਿਆ ਸੀ। ਪਾਰਟੀ ਦੌਰਾਨ ਜਦੋਂ ਕੇਕ ਕੱਟਿਆ ਗਿਆ ਤਾਂ ਕੇਕ ਲੱਗਣ ਕਾਰਨ ਕੁਝ ਦੋਸਤਾਂ ਵਿਚਾਲੇ ਤਕਰਾਰ ਹੋ ਗਈ। ਮਗਰੋਂ ਹੋਟਲ ਤੋਂ ਬਾਹਰ ਆ ਕੇ ਚਲਾਈ ਗਈ ਗੋਲੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨੀ ਸੁਨਿਆਰਾ ਨੂੰ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਜਦਕਿ ਬਿਕਰਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।