ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ

ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ

ਪੈਨਸਿਲਵੇਨੀਆ- ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਸ਼ਨੀਵਾਰ (5 ਅਕਤੂਬਰ) ਨੂੰ ਪੈਨਸਿਲਵੇਨੀਆ ਇਕ ਚੋਣ ਰੈਲੀ ਨੂੰ ਸੰਬੋਧਤ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਮੰਚ ‘ਤੇ ਟਰੰਪ ਨਾਲ ਟੇਸਲਾ ਦੇ ਸੀਈਓ ਐਲਨ ਮਸਕ (Elon Musk) ਵੀ ਨਜ਼ਰ ਆਏ।

ਮੰਚ ‘ਤੇ ਜਾ ਕੇ ਐਲਨ ਮਸਕ ਨੇ ਟਰੰਪ ਲਈ ਸਮਰਥਨ ਵੀ ਮੰਗਿਆ। ਇਸ ਚੋਣ ਰੈਲੀ ‘ਚ ਹਜ਼ਾਰਾਂ ਦੀ ਗਿਣਤੀ ‘ਚ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਹਿੱਸਾ ਲਿਆ ਸੀ। ਮੰਚ ‘ਤੇ ਆ ਕੇ ਮਸਕ ਨੇ ਲੋਕਾਂ ਸਾਹਮਣੇ ਫਾਈਟ-ਫਾਈਟ ਤੇ ਵੋਟ-ਵੋਟ ਦੇ ਨਾਅਰੇ ਲਾਏ।

ਮਸਕ ਨੇ ਮੰਚ ‘ਤੇ ਆ ਕੇ ਕਿਹਾ,”ਸੰਵਿਧਾਨ ਨੂੰ ਸੁਰੱਖਿਅਤ ਕਰਨ ਲਈ ਰਾਸ਼ਰਟਰਪਤੀ ਟਰੰਪ ਨੂੰ ਜਿੱਤਣਾ ਹੋਵੇਗਾ। ਸਾਡੀ ਜ਼ਿੰਦਗੀ ਦੀ ਇਹ ਸਭ ਤੋਂ ਮਹੱਤਵਪੂਰਨ ਚੋਣ ਹੈ ਤੇ ਅਮਰੀਕਾ ‘ਚ ਲੋਕਤੰਤਰ ਨੂੰ ਬਣਾ ਕੇ ਰੱਖਣ ਲਈ ਟਰੰਪ ਨੂੰ ਜਿੱਤਣਾ ਹੀ ਹੋਵੇਗਾ।” ਉਨ੍ਹਾਂ ਕਿਹਾ ਕਿ ਡੈਮੋਕਰੇਟਿਕ ਪਾਰਟੀ ਲੋਕਾਂ ਤੋਂ ਵੋਟ ਦੇਣ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਪੈਨਸਿਲਵੇਨੀਆ ‘ਚ ਇਸ ਜਗ੍ਹਾਂ ‘ਤੇ ਚੋਣ ਰੈਲੀ ਦੌਰਾਨ ਟਰੰਪ ਨੂੰ ਗੋਲੀ ਲੱਗੀ ਸੀ। ਟਰੰਪ ਨੇ ਗੋਲੀਬਾਰੀ ਤੋਂ ਬਾਅਦ ਜਿੱਥੇ ਆਪਣਾ ਭਾਸ਼ਣ ਛੱਡਿਆ ਸੀ, ਉੱਥੋਂ ਹੀ ਸ਼ੁਰੂ ਕੀਤਾ। ਦੱਸ ਦਈਏ ਕਿ 13 ਜੁਲਾਈ ਨੂੰ ਜਦੋਂ ਟਰੰਪ ਆਪਣਾ ਭਾਸ਼ਣ ਦੇ ਰਹੇ ਸੀ ਤਾਂ ਉਨ੍ਹਾਂ ‘ਤੇ ਗੋਲੀ ਚਲਾਈ ਗਈ ਸੀ।

ਟਰੰਪ ਨੇ ਜੁਲਾਈ ‘ਚ ਹੋਈ ਕਤਲ ਦੀ ਕੋਸ਼ਿਸ਼ ਨੂੰ ਯਾਦ ਕਰਦੇ ਹੋਏ ਕਿਹਾ,”ਮੈਂ ਕਦੇ ਹਾਰ ਨਹੀਂ ਮਨਾਂਗਾ, ਮੈਂ ਕਦੇ ਝੁਕਾਂਗਾ ਨਹੀਂ, ਮੈਂ ਕਦੇ ਟੁੱਟਾਂਗਾ ਨਹੀਂ, ਮੌਤ ਦੇ ਸਾਹਮਣੇ ਵੀ ਮੈਂ ਕਦੇ ਨਹੀਂ ਝੁਕਾਂਗਾ।”

ਦੱਸ ਦਈਏ ਕਿ ਇਸ ਸਾਲ 5 ਨਵੰਬਰ ਨੂੰ ਅਮਰੀਕਾ ‘ਚ ਰਾਸ਼ਟਪਰਪਤੀ ਚੋਣਾਂ ਹੋਣੀਆਂ ਹਨ।

International