ਵਿਕਟੌਰੀਆ ਪਾਰਲੀਮੈਂਟ ‘ਚ ਮਨਾਇਆ ਗਿਆ ਬੰਦੀ ਛੋੜ ਦਿਵਸ, ਵੱਖ ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਭਰੀ ਹਾਜ਼ਰੀ

ਮੈਲਬੌਰਨ ਵਿੱਖੇ ਸਥਿਤ ਵਿਕਟੌਰੀਅਨ ਪਾਰਲੀਮੈਂਟ ਵਿੱਚ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਜਸਲੀਨ ਬਜਾਜ ਤੇ ਉਨਾਂ ਦੀ ਟੀਮ ਵਲੋਂ ਕੀਤਾ ਗਿਆ ਸੀ।ਇਸ ਦੌਰਾਨ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਨੁੰਮਾਇਦਿਆਂ ਨੇ ਇਸ ਸਮਾਗਮ ਵਿੱਚ ਹਾਜਰੀ ਭਰੀ। ਇਸ ਮੌਕੇ ਸੂਬਾ ਸਰਕਾਰ ਵਲੋਂ ਸਟੀਵ ਮੈਗਈ(ਮੈਂਬਰ ਪਾਰਲੀਮੈਂਟ) ਵੀਵੀਅਨ ਨੈਗੁਇੰਨ ਚੇਅਰਪਰਸਨ ਮਲਟੀਕਲਚਰਲ ਕਮੀਸ਼ਨ, ਲੀ ਤਾਰਲਾਮਿਸ ( ਮੈਂਬਰ ਪਾਰਲੀਮੈਂਟ,ਤੇ ਵੈਂਡੀ ਲੋਵਲ (ਮੈਂਬਰ ਪਾਰਲੀਮੈਂਟ)ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।

ਸਮਾਗਮ ਦੀ ਸ਼ੁਰੁਆਤ ਗ੍ਰੰਥੀ ਸਿੰਘ ਹੋਰਾਂ ਵਲੋ ਅਰਦਾਸ ਬੇਨਤੀ ਨਾਲ ਹੋਈ ਉਪਰੰਤ ਗੁਰਦੁਆਰਾ ਸਾਹਿਬ ਬੋਨੀਬਰੁੱਕ ਦੇ ਜੱਥੇ ਵਲੋ ਰਸਭਿੰਨਾ ਕੀਰਤਨ ਕੀਤਾ ਗਿਆ। ਸਮਾਗਮ ਦੀ ਖਾਸੀਅਤ ਇਹ ਸੀ ਕਿ ਸੂਬਾਈ ਸਰਕਾਰ ਵਲੋਂ ਆਏ ਮਹਿਮਾਨ ਦਸਤਾਰਾਂ ਸਜਾ ਕੇ ਸਮਾਗਮ ਵਿੱਚ ਪੁੱਜੇ ਤੇ ਸਮਾਗਮ ਪ੍ਰਤੀ ਆਪਣਾ ਆਦਰ ਭਾਵ ਤੇ ਸਤਿਕਾਰ ਪੇਸ਼ ਕੀਤਾ। ਰਸਨਾ ਕੋਰ ਜੋ ਇਸ ਸਮਾਗਮ ਦੇ ਮੰਚ ਸੰਚਾਲਕ ਵੀ ਸਨ, ਨੇ ਸਵਾਗਤੀ ਭਾਸ਼ਣ ਦਿੱਤਾ ਤੇ ਬੰਦੀ ਛੌੜ ਦਿਵਸ ਦੀ ਮਹਤਤਾ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਵਿਕਟੋਰੀਅਨ ਸਿੱਖ ਕੌਂਸਲ ਦੇ ਹਰਮੀਕ ਸਿੰਘ ਅਤੇ ਯੂਨਾਇਟਿਡ ਸਿੱਖ ਸੰਸਥਾ ਦੇ ਗੁਰਵਿੰਦਰ ਸਿੰਘ ਵਲੋਂ ਵੀ ਬੰਦੀ ਛੋੜ ਦਿਵਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਦੌਰਾਨ ਸੂਬਾਈ ਸਰਕਾਰ ਵਲੋ ਆਏ ਹੋਏ ਮਹਿਮਾਨਾਂ ਵਲੋਂ ਆਪਣੇ ਸੰਬੋਧਨ ਵਿੱਚ ਆਸਟ੍ਰੇਲੀਆ ਵਿੱਚ ਸਿੱਖਾਂ ਵਲੋ ਪਾਏ ਯੋਗਦਾਨ ਦੀ ਪ੍ਰੰਸਸਾ ਕੀਤੀ ਉੱਥੇ ਹੀ ਸਮੂਹ ਸਿੱਖ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ। ਇਸ ਮੌਕੇ ਸੂਬੇ ਦੀ ਪ੍ਰੀਮੀਅਰ ਜੈਕਿੰਟਾ ਐਲਨ ਵਲੋ ਭੇਜੇ ਵਧਾਈ ਸੰਦੇਸ਼ ਨੂੰ ਵੀ ਪੜ ਕੇ ਸੁਣਾਇਆ ਗਿਆ। ਗੋਬਿੰਦ ਸਰਵਰ ਗੁਰਮੁੱਖੀ ਲਰਨਿੰਗ ਸੈਂਟਰ ਦੇ ਵਿਦਿਆਰਥੀਆਂ ਵਲੋ ਤੰਤੀ ਸਾਜ਼ਾਂ ਨਾਲ ਕੀਰਤਨ ਗਿਆ। ਇਸ ਸਮਾਗਮ ਵਿੱਚ ਪੁਰਾਣੇ ਸਿੱਕੇ ਇੱਕਠ ਕਰਨ ਦੇ ਸ਼ੋਕੀਣ ਸਰਬਰਿੰਦਰ ਸਿੰਘ ਹੋਰਾਂ ਵਲੋ ਸਿੱਖ ਰਾਜ ਦੇ ਸਮੇਂ ਸਿੱਕਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਖਿੱਚ ਦਾ ਕੇਂਦਰ ਬਣੀ ਰਹੀ ।ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਜਸਲੀਨ ਬਜਾਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।