ਨਵੀਂ ਦਿੱਲੀ – ਅਦਾਕਾਰਾ ਰਸ਼ਮਿਕਾ ਮੰਦਾਨਾ ਨੂੰ ਮੰਗਲਵਾਰ ਨੂੰ ਭਾਰਤੀ ਸਾਈਬਰ ਕ੍ਰਾਈਮ ਤਾਲਮੇਲ ਕੇਂਦਰ (ਆਈ4ਸੀ) ਦਾ ਰਾਸ਼ਟਰੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਆਈ4ਸੀ ਭਾਰਤ ’ਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕ ਪਹਿਲ ਹੈ। ‘ਪੁਸ਼ਪਾ : ਦਿ ਰਾਈਜ਼’, ‘ਡੀਅਰ ਕਾਮਰੇਡ’ ਤੇ ‘ਐਨੀਮਲ’ ਵਰਗੀਆਂ ਫਿਲਮਾਂ ’ਚ ਆਪਣੀ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੀ ਰਸ਼ਮਿਕਾ ਸਾਲ ਦੀ ਸ਼ੁਰੂਆਤ ’ਚ ਉਦੋਂ ਸੁਰਖੀਆਂ ’ਚ ਆਈ, ਜਦੋਂ ਇੰਟਰਨੈੱਟ ਮੀਡੀਆ ’ਤੇ ਉਸਦਾ ਡੀਪ ਫੇਕ ਵੀਡੀਓ ਪ੍ਰਸਾਰਿਤ ਹੋਇਆ। ਸਾਈਬਰ ਅਪਰਾਧ ਦਾ ਦਰਦ ਝੱਲ ਝੁੱਕੀ ਰਸ਼ਮਿਕਾ ਨੇ ਕਿਹਾ ਕਿ ਸਾਡੀ ਆਨਲਾਈਨ ਦੁਨੀਆ ਦੀ ਰੱਖਿਆ ਕਰਨ ਲਈ ਵੱਡੇ ਉਪਾਅ ਕਰਨ ਦਾ ਸਮਾਂ ਆ ਗਿਆ ਹੈ। ਉਸਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਆਓ, ਅਸੀਂ ਸਾਰੇ ਮਿਲ ਕੇ ਖੁਦ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁਰੱਖਿਅਤ ਸਾਈਬਰ ਸਪੇਸ ਬਣਾਈਏ। ਮੈਂ ਬ੍ਰਾਂਡ ਅੰਬੈਸਡਰ ਦੇ ਤੌਰ ’ਤੇ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਲੋਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣਾ ਚਾਹੁੰਦੀ ਹਾਂ। ਅਦਾਕਾਰਾ ਨੇ ਲੋਕਾਂ ਨੂੰ 1930 ’ਤੇ ਫੋਨ ਕਰ ਕੇ ਜਾਂ ਵੈੱਬਸਾਈਟ ’ਤੇ ਜਾ ਕੇ ਸਾਈਬਰ ਅਪਰਾਧਾਂ ਦੀ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਹੈ।
ਰਸ਼ਮਿਕਾ ਮੰਦਾਨਾ ਬਣੀ ਸਾਈਬਰ ਕ੍ਰਾਈਮ ਦੀ ਰਾਸ਼ਟਰੀ ਬ੍ਰਾਂਡ ਅੰਬੈਸਡਰ
